Rojana Hukamnama Gurudwara Moti Bagh Sahib Delhi – 18-7-25

ਗੂਜਰੀ ਮਹਲਾ ੧ ॥
ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥ ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥ ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥ ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥ ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥੨॥ ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥ ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥ ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥੪॥ ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥ ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥ ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥ ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥੬॥ ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥ ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥ ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥ ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥ {ਪੰਨਾ 503-504}

ਅਰਥ: ਹੇ ਪ੍ਰਭੂ ਜੀ! ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ। ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ।੧।ਰਹਾਉ।

ਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ। ਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ) , ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ।੧।

ਹੇ ਕਰਤਾਰ! ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ ਨਾਹ ਧਰਤੀ ਸੀ, ਨਾਹ ਆਕਾਸ਼ ਸੀ, ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ।੨।

ਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ। ਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ।੩।

ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ। ਹੇ ਪ੍ਰਭੂ! ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ। (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ।੪।

ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ। (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ। (ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤਿ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ।੫।

ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ। (ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ।੬।

ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ। ਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ।੭।

(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ। (ਮੈਂ ਇਹ ਅਰਦਾਸ ਕਰਦਾ ਹਾਂ-) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼। ਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤਿ-ਸਾਲਾਹ ਦੇਹ।੮।੨।

Leave a Reply

Your email address will not be published. Required fields are marked *

You may also like these