Rojana Hukamnama Gurudwara Moti Bagh Sahib Delhi – 12-6-26

ਦੇਵਗੰਧਾਰੀ ਮਹਲਾ ੫ ॥
ਮਾਈ ਪ੍ਰਭ ਕੇ ਚਰਨ ਨਿਹਾਰਉ ॥ ਕਰਹੁ ਅਨੁਗ੍ਰਹੁ ਸੁਆਮੀ ਮੇਰੇ ਮਨ ਤੇ ਕਬਹੁ ਨ ਡਾਰਉ ॥੧॥ ਰਹਾਉ ॥ ਸਾਧੂ ਧੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ ॥ ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ ॥੧॥ ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਉ ॥ ਨਾਮ ਨਿਧਾਨੁ ਨਾਨਕ ਦਾਨੁ ਪਾਵਉ ਕੰਠਿ ਲਾਇ ਉਰਿ ਧਾਰਉ ॥੨॥੧੯॥ {ਪੰਨਾ 532}

ਅਰਥ: ਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ (ਤੇ, ਅਰਦਾਸ ਕਰਦਾ ਰਹਿੰਦਾ ਹਾਂ ਕਿ) ਹੇ ਮੇਰੇ ਮਾਲਕ! ਮੇਰੇ ਉਤੇ) ਮੇਹਰ ਕਰ, ਮੈਂ (ਆਪਣੇ) ਮਨ ਤੋਂ (ਤੈਨੂੰ) ਕਦੇ ਭੀ ਨਾਹ ਭੁਲਾਵਾਂ।੧।ਰਹਾਉ।

(ਹੇ ਮਾਂ! ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਰਹਿੰਦਾ ਹਾਂ ਕਿ) ਮੈਂ ਗੁਰੂ ਦੇ ਪੈਰਾਂ ਦੀ ਖ਼ਾਕ ਆਪਣੇ ਮੂੰਹ ਉੱਤੇ ਆਪਣੇ ਮੱਥੇ ਉੱਤੇ ਲਾਂਦਾ ਰਹਾਂ, (ਤੇ, ਆਪਣੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਦੇਣ ਵਾਲੀ) ਕਾਮ ਕ੍ਰੋਧ ਦੀ ਜ਼ਹਿਰ ਸਾੜਦਾ ਰਹਾਂ; ਮੈਂ ਆਪਣੇ ਆਪ ਨੂੰ ਸਭਨਾਂ ਤੋਂ ਨੀਵਾਂ ਸਮਝਦਾ ਰਹਾਂ, ਤੇ ਆਪਣੇ ਮਨ ਵਿਚ (ਗਰੀਬੀ ਸੁਭਾਵ ਦਾ) ਇਹ ਸੁਖ (ਸਦਾ) ਟਿਕਾਈ ਰੱਖਾਂ।੧।

ਹੇ ਭਾਈ! ਆਓ ਰਲ ਕੇ ਠਾਕੁਰ-ਪ੍ਰਭੂ ਦੇ ਗੁਣ ਗਾਵੀਏ, (ਗੁਣ ਗਾਣ ਦੀ ਬਰਕਤਿ ਨਾਲ) ਮੈਂ ਆਪਣੇ ਸਾਰੇ (ਪਿਛਲੇ) ਪਾਪ (ਮਨ ਤੋਂ) ਝਾੜ ਰਿਹਾ ਹਾਂ। ਹੇ ਨਾਨਕ! ਆਖ-ਹੇ ਪ੍ਰਭੂ! ਮੈਂ ਤੇਰੇ ਪਾਸੋਂ ਇਹ) ਦਾਨ (ਮੰਗਦਾ ਹਾਂ ਕਿ) ਮੈਂ ਤੇਰਾ ਨਾਮ-ਖ਼ਜ਼ਾਨਾ ਹਾਸਲ ਕਰ ਲਵਾਂ, ਤੇ, ਇਸ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ।੨।੧੯।

You may also like these