Rojana Hukam Gurudwara Moti Bagh Sahib Delhi – 18-3-25

ਧਨਾਸਰੀ ਮਹਲਾ ੫ ॥
ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥
 {ਪੰਨਾ 671}

ਪਦਅਰਥ: ਜਿਸ ਕਾ, ਤਿਸ ਕਾ = {ਲਫ਼ਜ਼ ‘ਜਿਸੁ‘ ‘ਤਿਸੁ‘ ਦਾ ੁ ਸੰਬੰਧਕ ‘ਕਾ‘ ਦੇ ਕਾਰਨ ਉੱਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸੁਘੜੁ = ਸੁਚੱਜੀ ਆਤਮਕ ਘਾੜਤ ਵਾਲਾ। ਸੁਜਾਨੀ = ਸਿਆਣਾ। ਤਿਨ ਹੀ = ਤਿਨਿ ਹੀ {ਲਫ਼ਜ਼ ‘ਤਿਨ‘ ਦੀ ‘ਿ‘ ਕ੍ਰਿਆ ਵਿਸ਼ੇਸ਼ਣ ‘ਹੀ‘ ਦੇ ਕਾਰਣ ਉੱਡ ਗਈ ਹੈ}। ਤਉ = ਤਦੋਂ। ਨੀਕੀ ਬਿਧਿ = ਚੰਗੀ ਹਾਲਤ। ਖਟਾਨੀ = ਬਣ ਗਈ।੧।

ਜੀਅ ਕੀ = ਜਿੰਦ ਦੀ। ਏਕੈ ਹੀ ਪਹਿ = ਇਕ ਪਰਮਾਤਮਾ ਦੇ ਪਾਸ ਹੀ। ਮਾਨੀ = ਮੰਨੀ ਜਾਂਦੀ ਹੈ। ਅਵਰਿ = {ਲਫ਼ਜ਼ ‘ਅਵਰ‘ ਤੋਂ ਬਹੁ-ਵਚਨਹੋਰ। ਤਿਨ ਕੀਮਤਿ = ਉਹਨਾਂ (ਜਤਨਾਂਦੀ ਕੀਮਤਿ। ਜਾਨੀ = ਜਾਣੀ ਜਾਂਦੀ।ਰਹਾਉ।

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਰਮੋਲਕੁ = ਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਕੇ। ਗੁਰਿ = ਗੁਰੂ ਨੇ। ਮੰਤਾਨੀ = ਮੰਤਰ। ਦ੍ਰਿੜੁ ਕਰਿ ਰਹਿਓ = ਪੱਕੇ ਤੌਰ ਤੇ ਟਿਕ ਗਿਆ।੨।

ਓਇ = {ਲਫ਼ਜ਼ ‘ਓਹ‘ ਤੋਂ ਬਹੁ-ਵਚਨ}। ਓਇ ਬੀਚ = ਉਹ ਅੰਤਰੇਉਹ ਵਿੱਥਾਂ, ਉਹ ਵਿਤਕਰੇ। ਹਮ ਤੁਮ ਬੀਚ = ਅਸੀ ਤੁਸੀ ਵਾਲੇ ਵਿਤਕਰੇ, ਮੇਰ = ਤੇਰ ਵਾਲੇ ਵਿਤਕਰੇ। ਬਿਲਾਨੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ। ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ।੩।

ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ। ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ।੪।

ਅਰਥ: ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ।ਰਹਾਉ।

ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ।੨।

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ।੩।

(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ! ਆਖ-ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।੪।੫।

Leave a Reply

Your email address will not be published. Required fields are marked *

You may also like these