Rojana Hukamnama Gurudwara Moti Bagh Sahib Delhi – 7-5-26

ਦੇਵਗੰਧਾਰੀ ॥
ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ {ਪੰਨਾ 527-528}

ਅਰਥ: ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ। ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ।੧।ਰਹਾਉ।

ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ। ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ।੧।

ਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ। ਹੇ ਦਾਸ ਨਾਨਕ! ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ।੨।੪।

You may also like these