Rojana Hukamnama Gurudwara Moti Bagh Sahib Delhi – 6-5-26

ਸਲੋਕ ਮਃ ੩ ॥
ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥ ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥ ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥ ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥ ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥ ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥ ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥ ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥ ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥ ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥ ਮਃ ੩ ॥ ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥ ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥ ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥ ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥ ਪਉੜੀ ॥ ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥ ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥ ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥ ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥ ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥ {ਪੰਨਾ 587}

ਅਰਥ: ਜਿਨ੍ਹਾਂ (ਸਤਸੰਗੀਆਂ) ਦਾ ਗੁਰੂ ਨਾਲ ਪ੍ਰੇਮ ਹੁੰਦਾ ਹੈ, ਉਹ ਸਤਸੰਗੀਆਂ ਨੂੰ ਮਿਲਦੇ ਹਨ; ਸਤਸੰਗੀਆਂ ਨੂੰ ਮਿਲ ਕੇ ਉਹੀ ਮਨੁੱਖ ਪ੍ਰਭੂ ਪ੍ਰੀਤਮ ਨੂੰ ਸਿਮਰਦੇ ਹਨ ਕਿਉਂਕਿ ਸੱਚੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ; ਸਤਿਗੁਰੂ ਦੇ ਅਪਾਰ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਮਨ ਆਪਣੇ ਆਪ ਤੋਂ ਹੀ ਪ੍ਰਭੂ ਵਿਚ ਪਤੀਜ ਜਾਂਦਾ ਹੈ; ਅਜੇਹੇ ਸਤਸੰਗੀ ਮਨੁੱਖ (ਇਕ ਵਾਰੀ) ਮਿਲੇ ਹੋਏ ਫਿਰ ਵਿਛੁੜਦੇ ਨਹੀਂ ਹਨ, ਕਿਉਂਕਿ ਕਰਤਾਰ ਨੇ ਆਪ ਇਹਨਾਂ ਨੂੰ ਮਿਲਾ ਦਿੱਤਾ ਹੈ।

ਇਕਨਾਂ (ਵਿਛੁੜੇ ਹੋਇਆਂ) ਨੂੰ ਪ੍ਰਭੂ ਦੇ ਦੀਦਾਰ ਦਾ ਯਕੀਨ ਹੀ ਨਹੀਂ ਬੱਝਦਾ, ਕਿਉਂਕਿ ਉਹ ਗੁਰੂ ਦੇ ਸ਼ਬਦ ਵਿਚ ਕਦੇ ਵਿਚਾਰ ਹੀ ਨਹੀਂ ਕਰਦੇ। ਪਰ, ਜਿਨ੍ਹਾਂ ਮਨੁੱਖਾਂ ਦੀ ਸੁਰਤਿ ਸਦਾ ਮਾਇਆ ਦੇ ਮੋਹ ਵਿਚ ਜੁੜੀ ਰਹਿੰਦੀ ਹੈ, ਉਹਨਾਂ (ਪ੍ਰਭੂ ਤੋਂ) ਵਿਛੁੜੇ ਹੋਇਆਂ ਦਾ ਹੋਰ ਵਿਛੋੜਾ ਭੀ ਕੀਹ ਹੋਣਾ ਹੋਇਆ? (ਭਾਵ, ਮਾਇਆ ਵਿਚ ਫਸੇ ਰਹਿਣ ਕਰਕੇ ਉਹ ਪਰਮਾਤਮਾ ਨਾਲੋਂ ਵਿਛੋੜਾ ਮਹਿਸੂਸ ਹੀ ਨਹੀਂ ਕਰਦੇ) ।

ਜੋ ਮਨੁੱਖ ਆਪਣੇ ਮਨ ਦੇ ਪਿਛੇ ਤੁਰਦਾ ਹੈ, ਉਸ ਨਾਲ ਮਿੱਤ੍ਰਤਾ ਥੋੜੇ ਹੀ ਦੋ ਚਾਰ ਦਿਨ ਲਈ ਹੀ ਰਹਿ ਸਕਦੀ ਹੈ, ਇਸ ਮਿੱਤ੍ਰਤਾ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, (ਉਂਞ ਭੀ) ਇਸ ਮਿੱਤ੍ਰਤਾ ਵਿਚੋਂ ਬੁਰਾਈਆਂ ਹੀ ਨਿਕਲਦੀਆਂ ਹਨ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਡਰ ਨਹੀਂ, ਜੋ ਪਰਮਾਤਮਾ ਦੇ ਨਾਮ ਵਿਚ ਕਦੇ ਪਿਆਰ ਨਹੀਂ ਪਾਉਂਦੇ ਉਹਨਾਂ ਨਾਲ ਸਾਂਝ ਪਾਉਣੀ ਹੀ ਨਹੀਂ ਚਾਹੀਦੀ।੧।

ਕਈ (ਵਡ-ਭਾਗੀ) ਮਨੁੱਖ ਇਕ (ਪ੍ਰਭੂ ਦੇ) ਰੰਗ ਵਿਚ ਹੀ (ਮਸਤ) ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ; (ਮੇਰਾ ਚਿੱਤ ਕਰਦਾ ਹੈ) ਆਪਣਾ ਤਨ ਮਨ ਧਨ ਉਹਨਾਂ ਦੀ ਭੇਟ ਕਰ ਦਿਆਂ ਤੇ ਨਿਉਂ ਨਿਉਂ ਕੇ ਉਹਨਾਂ ਦੀ ਪੈਰੀਂ ਲੱਗਾਂ। ਉਹਨਾਂ ਨੂੰ ਮਿਲਿਆਂ ਮਨ ਨੂੰ ਠੰਢ ਪੈਂਦੀ ਹੈ, ਸਾਰੀ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ।

ਹੇ ਨਾਨਕ! ਨਾਮ ਵਿਚ ਭਿੱਜੇ ਹੋਏ ਮਨੁੱਖ ਸੱਚੇ ਪ੍ਰਭੂ ਨਾਲ ਚਿੱਤ ਜੋੜ ਕੇ ਸਦਾ ਸੁਖਾਲੇ ਰਹਿੰਦੇ ਹਨ।੨।

ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਗੱਲ ਸੁਣਾਈ ਹੈ, ਤੇ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ। ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ; ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।

ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ।੫।

ਜੈਤਸਰੀ ਮਹਲਾ ੪ ਘਰੁ ੧ ਚਉਪਦੇ

ੴ ਸਤਿਗੁਰ ਪ੍ਰਸਾਦਿ ॥

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥ {ਪੰਨਾ 696}

ਅਰਥ: ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।

ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩।

ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

You may also like these