Rojana Hukam Gurudwara Moti Bagh Sahib Delhi – 2-6-25

ਵਡਹੰਸੁ ਮਹਲਾ ੩ ॥
ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥ ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ ਗੁਣ ਮਹਿ ਗੁਣੀ ਸਮਾਏ ਜਿਸੁ ਆਪਿ ਬੁਝਾਏ ਲਾਹਾ ਭਗਤਿ ਸੈਸਾਰੇ ॥ ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥ ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥ ਰਤਨ ਪਦਾਰਥ ਵਣਜੀਅਹਿ ਜਾਂ ਸਤਿਗੁਰੁ ਦੇਇ ਬੁਝਾਏ ॥੧॥ ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥ ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥ ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥ ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥ ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥ ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥ ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥ ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥ ਊਭੇ ਕਰਨਿ ਪੁਕਾਰਾ ਮੁਗਧ ਗਵਾਰਾ ਮਨਮੁਖਿ ਜਨਮੁ ਗਵਾਇਆ ॥ ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥ ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥ ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥੩॥ ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ਰਾਮ ॥ ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥ ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ ॥ ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥ ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ॥੪॥੪॥ {ਪੰਨਾ 569-570}

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਹਿਰਦੇ-ਸ਼ਹਰ ਵਿਚ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਕੀਮਤੀ ਰਤਨਾਂ ਦਾ ਵਪਾਰ ਹੁੰਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ।

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ (ਆਤਮਕ ਜੀਵਨ ਦੀ) ਸੂਝ ਦੇਂਦਾ ਹੈ ਉਹ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਹ ਜਗਤ ਵਿਚ (ਜਨਮ ਲੈ ਕੇ) ਪ੍ਰਭੂ ਦੀ ਭਗਤੀ ਦਾ ਲਾਭ ਖੱਟਦਾ ਹੈ। ਗੁਰੂ ਦੀ ਮਤਿ ਉਤੇ ਤੁਰ ਕੇ ਉਹ ਹਰਿ-ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਈ ਰੱਖਦਾ ਹੈ (ਉਸ ਨੂੰ ਨਿਸ਼ਚਾ ਰਹਿੰਦਾ ਹੈ ਕਿ) ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਮਾਇਆ ਦੇ ਮੋਹ ਵਿਚ ਫਸਣ ਵਾਲੇ ਨੇ (ਲੋਕ ਪਰਲੋਕ ਵਿਚ ਆਪਣੀ) ਇੱਜ਼ਤ ਗਵਾ ਲਈ।

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਇਸ (ਨਾਮ-) ਵਪਾਰ ਵਿਚ ਲਾ ਦੇਂਦਾ ਹੈ ਉਹ ਸਦਾ ਨਾਮ-ਵੱਖਰ ਵਿਹਾਝਦਾ ਹੈ, ਨਾਮ ਦਾ ਹੀ ਲਾਭ ਖੱਟਦਾ ਹੈ। ਭਾਈ! ਜਦੋਂ ਗੁਰੂ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ਤਾਂ (ਮਨੁੱਖ ਦੇ ਹਿਰਦੇ-ਸ਼ਹਰ ਵਿਚ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਕੀਮਤੀ ਰਤਨਾਂ ਦਾ ਵਪਾਰ ਹੋਣ ਲੱਗ ਪੈਂਦਾ ਹੈ।੧।

ਹੇ ਭਾਈ! ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ (ਨਿਰੀ ਮਾਇਆ ਦੀ ਖ਼ਾਤਰ ਦੌੜ-ਭਜ) ਆਤਮਕ ਜੀਵਨ ਵਿਚ ਘਾਟਾ ਪਾਣ ਵਾਲਾ ਵਪਾਰ ਹੈ, (ਇਸ ਤਰ੍ਹਾਂ) ਝੂਠ ਬੋਲ ਬੋਲ ਕੇ (ਆਤਮਕ ਮੌਤ ਲਿਆਉਣ

ਵਾਲੀ ਮੋਹ ਦੀ) ਜ਼ਹਿਰ ਖਾਧੀ ਜਾਂਦੀ ਹੈ, (ਜਿਸ ਕਰਕੇ ਮਨੁੱਖ ਦੇ ਅੰਦਰ) ਅਨੇਕਾਂ ਵਿਕਾਰ ਵਧਦੇ ਜਾਂਦੇ ਹਨ। ਅਨੇਕਾਂ ਵਿਕਾਰ ਵਧਦੇ ਜਾਂਦੇ ਹਨ, ਇਹ ਜਗਤ ਭੀ (ਨਿਰਾ) ਸਹਿਮ (ਦਾ ਘਰ ਹੀ ਪ੍ਰਤੀਤ ਹੁੰਦਾ) ਹੈ, ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਗਵਾ ਲੈਂਦਾ ਹੈ।

ਜਿਸ ਮਨੁੱਖ ਨੂੰ ਸਦਾ ਮਾਇਆ ਦਾ ਮੋਹ ਪਿਆਰਾ ਲੱਗਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ। ਹੇ ਭਾਈ! ਮਾਇਆ ਦਾ ਮੋਹ ਨਿਰਾ ਦੁੱਖ ਹੀ (ਪੈਦਾ ਕਰਦਾ) ਹੈ, (ਨਿਰੀ ਮਾਇਆ ਦੀ ਖ਼ਾਤਰ ਦੌੜ-ਭਜ) ਆਤਮਕ ਜੀਵਨ ਵਿਚ ਘਾਟਾ ਪਾਣ ਵਾਲਾ ਵਪਾਰ ਹੈ।੨।

ਹੇ ਭਾਈ! ਭੈੜੇ ਅਤੇ ਚੰਗੇ ਸਾਰੇ (ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਪਰਖੇ ਜਾਂਦੇ ਹਨ। ਭੈੜੇ ਬੰਦੇ ਤਾਂ ਦਰਗਾਹ ਵਿਚ ਰੱਦੇ ਜਾਂਦੇ ਹਨ, ਉਹ ਉਥੇ ਖਲੋ ਕੇ ਪੁਕਾਰ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣਾ ਮਨੁੱਖਾ ਜਨਮ ਗਵਾ ਲਿਆ, ਉਹ ਮੂਰਖ ਗਵਾਰ (ਪ੍ਰਭੂ ਦੀ ਦਰਗਾਹ ਵਿਚ ਰੱਦੇ ਜਾਣ ਤੇ) ਖਲੋਤੇ ਪੁਕਾਰ ਕਰਦੇ ਹਨ (ਹਾੜੇ-ਤਰਲੇ ਕਰਦੇ ਹਨ) । (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜਿਸ ਜ਼ਹਿਰ-ਮਾਇਆ ਨੇ ਜਗਤ ਨੂੰ ਕੁਰਾਹੇ ਪਾ ਰੱਖਿਆ ਹੈ (ਉਸ ਵਿਚ ਫਸ ਕੇ ਉਹਨਾਂ ਨੂੰ) ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਚੰਗਾ ਨਹੀਂ ਸੀ ਲੱਗਾ। (ਸੰਤ ਜਨ ਅਜੇਹੇ ਮਨੁੱਖਾਂ ਨੂੰ ਉਪਦੇਸ਼ ਤਾਂ ਕਰਦੇ ਹਨ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸੰਤ ਜਨਾਂ ਨਾਲ ਹੀ ਵੈਰ ਕਰ ਕੇ ਦੁੱਖ ਵਿਹਾਝਦਾ ਰਹਿੰਦਾ ਹੈ।

ਹੇ ਭਾਈ! ਭੈੜੇ ਅਤੇ ਚੰਗੇ (ਸਾਰੇ ਜੀਵ) ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਪਰਖੇ ਜਾਂਦੇ ਹਨ।੩।

(ਹੇ ਭਾਈ! ਜੀਵਾਂ ਨੂੰ ‘ਖੋਟੇ ਖਰੇ’ ਪਰਮਾਤਮਾ) ਆਪ ਹੀ ਬਣਾਂਦਾ ਹੈ। (ਕਿਸੇ ਜੀਵ ਦੇ ਖੋਟੇ ਜਾਂ ਖਰੇ ਹੋਣ ਦਾ ਗਿਲਾ) ਕਿਸੇ ਪਾਸ ਨਹੀਂ ਕੀਤਾ ਜਾ ਸਕਦਾ। (ਪ੍ਰਭੂ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ। ਜਿਸ ਕੰਮ ਵਿਚ (ਜੀਵਾਂ ਨੂੰ ਲਾਣ ਦੀ ਪ੍ਰਭੂ ਦੀ) ਮਰਜ਼ੀ ਹੁੰਦੀ ਹੈ ਉਸ ਕੰਮ ਵਿਚ ਲਾ ਦੇਂਦਾ ਹੈ, ਜਿਵੇਂ ਉਸ ਦੀ ਰਜ਼ਾ ਹੁੰਦੀ ਹੈ (ਤਿਵੇਂ ਕਰਾਂਦਾ ਹੈ) । ਜਿਵੇਂ ਉਸ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਆਪਣੇ ਆਪ ਵਿਚ) ਨਾਹ ਕੋਈ ਜੀਵ ਸੂਰਮਾ ਹੈ ਨਾਹ ਕੋਈ ਕਮਜ਼ੋਰ ਹੈ। ਜਗਤ ਦਾ ਸਹਾਰਾ ਦਾਤਾਰ ਜੋ ਜੀਵਾਂ ਦੇ ਕੀਤੇ ਕਰਮ ਅਨੁਸਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਉਹ ਆਪ ਹੀ ਬਖ਼ਸ਼ਸ਼ ਕਰਦਾ ਹੈ (ਤੇ ਜੀਵਾਂ ਨੂੰ ਸਹੀ ਜੀਵਨ-ਰਾਹ ਦੱਸਦਾ ਹੈ) ।

ਹੇ ਨਾਨਕ! ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ ਹੀ ਆਪਾ-ਭਾਵ ਦੂਰ ਕੀਤਾ ਜਾ ਸਕਦਾ ਹੈ (ਜਿਸ ਨੇ ਆਪਾ-ਭਾਵ ਦੂਰ ਕਰ ਲਿਆ, ਉਸ ਨੇ) ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਇੱਜ਼ਤ ਪ੍ਰਾਪਤ ਕਰ ਲਈ ਹੈ। (ਹੇ ਭਾਈ! ਜੀਵਾਂ ਨੂੰ ਖੋਟੇ ਖਰੇ ਪਰਮਾਤਮਾ) ਆਪ ਹੀ ਬਣਾਂਦਾ ਹੈ (ਕਿਸੇ ਜੀਵ ਦੇ ਖੋਟੇ ਜਾਂ ਖਰੇ ਹੋਣ ਦਾ ਗਿਲਾ) ਕਿਸੇ ਪਾਸ ਨਹੀਂ ਕੀਤਾ ਜਾ ਸਕਦਾ। (ਪ੍ਰਭੂ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।੪।੪।

Leave a Reply

Your email address will not be published. Required fields are marked *

You may also like these